ਲੂਣਾ – ਦੂਜਾ ਅੰਕ | ਭਾਗ – 4

ਲੂਣਾ – ਦੂਜਾ ਅੰਕ | ਭਾਗ – 3 ਪੜ੍ਹਨ ਲਈ ਕਲਿੱਕ ਕਰੋ

ਵਰਮਨ
ਹਾਂ ਮਿੱਤ੍ਰ !
ਤੂੰ ਸੱਚ ਕਹਿੰਦਾ ਹੈਂ
ਅੱਗ ਬਿਣ ਅੱਗ ਦੀ
ਉਮਰ ਹੰਢਾਣੀ
ਜਿਓਂ ਜੀਵੇ ਮੱਛੀ ਬਿਨ ਪਾਣੀ
ਹਰ ਬਾਲਣ ਨੂੰ
ਅੱਗ ਬਣਨ ਲਈ
ਪੈਂਦੀ ਹੀ ਹੈ ਅਗਨੀ ਖਾਣੀ
ਉਂਝ ਤਾਂ ਹਰ ਅੱਗ
ਅੱਗ ਹੁੰਦੀ ਹੈ
ਚੁਲ੍ਹੇ ਬਲੇ ਜਾਂ ਮੜ੍ਹੀ-ਮਸਾਣੀਂ
ਪਰ ਜੋ ਅੱਗ ਨਾਂ
ਲਾਂਬੂ ਬਣਦੀ
ਉਹ ਅੱਗ ਹੁੰਦੀ ਦਰਦ-ਰੰਝਾਣੀ
ਜੇ ਇੱਛਰਾਂ ਵੀ
ਕੱਚੀ ਅੱਗ ਸੀ
ਤਾਂ ਸੀ ਫੂਕਾਂ ਨਾਲ ਮਘਾਣੀ
ਜਾਂ ਉਸ ‘ਤੇ ਪਾ ਦੇਂਦਾ ਪਾਣੀ
ਹੱਡਾਂ ਤਾਈਂ ਘੁਣ ਹੁੰਦੀ ਹੈ
ਦੋ ਚਿੱਤੀ ਦੀ
ਜੂਨ ਹੰਢਾਣੀ

ਉਂਝ ਤਾਂ ਮਿਤ੍ਰ
ਮੀਤ ਪਿਆਰੇ
ਹਰ ਕੋਈ ਕੱਚੀ ਅੱਗ ਨੂੰ ਖਾਵੇ
ਬਲਦੀ ਅੱਗ ਨੂੰ ਵੀ ਹਰ ਕੋਈ
ਕੱਚੀ ਕਹਿ ਕੇ
ਉਮਰ ਲੰਘਾਵੇ
ਹਰ ਬਲਦੀ ਅੱਗ
ਚੁੰਮਣ ਪਿਛੋਂ
ਕੱਚੀ ਅੱਗ ਦਾ ਰੂਪ ਵਟਾਵੇ
ਸੁਪਨੇ ਦੀ
ਸਪਨੀ ਵੀ ਇੱਕ ਦਿਨ
ਅੱਗ ਦੀ ਸਪਨੀ
ਹੀ ਬਣ ਜਾਵੇ

ਸਲਵਾਨ
ਸੁਪਨੇ ਤੇ
ਅੱਗ ਦੀ ਸਪਨੀ ਵਿੱਚ
ਮੇਰੇ ਮਿੱਤ੍ਰ ਅੰਤਰ ਹੁੰਦੈ
ਅੱਗ ਦੀ ਸਪਨੀ ਸਦਾ ਪਾਲਤੂ
ਉਸ ਦਾ ਹੱਥ ਵਿੱਚ
ਮੰਤਰ ਹੁੰਦੈ
ਜੇ ਸੁਪਨੇ ਦੀ ਸਪਨੀ ਡੰਗੇ
ਉਸ ਦਾ ਅੰਤ
ਭਿਅੰਕਰ ਹੁੰਦੈ
ਅੱਗ ਦੀ ਸਪਨੀ ਜੇ ਹੈ ਸ਼ੁਅਲਾ
ਤਾਂ ਉਹ ਇੱਕ ਬਸੰਤਰ ਹੁੰਦੈ
ਅਗਨ-ਸਰਪਨੀ
ਜਿਉਂਦਾ ਸੱਚ ਹੈ
ਚੇਤਨ-ਦੇਹ ਦਾ ਕੰਕਰ ਹੁੰਦੈ
ਸੁਪਨ-ਸਰਪਨੀ
ਝੂਠ, ਨਿਰ੍ਰਥਕ
ਸੁਪਨੇ ਦਾ ਇੱਕ ਜੰਤਰ ਹੁੰਦੈ

ਵਰਮਨ
ਸੱਜਣ ! ਦੋਸਤ !
ਬਹਾਦਰ ਬੰਦੇ
ਸੁਪਨੇ ਤੋਂ ਕੋਈ ਸੱਚ ਕੀਹ ਮੰਗੇ
ਸਾਡੀ ਉਮਰਾ ਤਾਂ ਲੰਘ ਜਾਏ
ਪਰ ਸੁਪਨੇ ਦੀ
ਅਉਧ ਨਾ ਲੰਘੇ
ਇਹ ਸਾਡੇ ਧੁਰ ਅੰਦਰ ਕਿਧਰੇ
ਪੁੱਠੇ ਚਮਗਿਦੜਾਂ ਵਤ ਟੰਗੇ
ਕਾਲੇ ਰੁੱਖ, ਕਿਸਮਤਾਂ ਵਾਲੇ
ਤੇ ਫਲ ਖਾਂਦੇ ਰੰਗ-ਬਰੰਗੇ
ਕੋਈ ਕੋਈ ਸੁਪਨਾ ਕਰਮਾਂ ਸੇਤੀ
ਕਦੇ ਕਦੇ ਸੱਚ ਬਣ ਕੇ ਲੰਘੇ
ਕਿਸੇ ਕਿਸੇ ਚਿਹਰੇ ‘ਚੋਂ ਸਾਨੂੰ
ਸੁਪਨ-ਸਰਪਨੀ
ਆ ਕੇ ਡੰਗੇ
ਉਸ ਦਾ ਡੰਗਿਆ ਕੁਝ ਨਾ ਮੰਗੇ
ਮੰਗੇ ਤਾਂ, ਉਹਦੀ ਛੋਹ ਨੂੰ ਮੰਗੇ
ਦਿਨ-ਦੀਵੀਂ ਜਾਂ ਸੌਣਾ ਮੰਗੇ
ਪਰ ਨਾਂ ਛੋਹ
ਨਾ ਸੌਣਾ ਮਿਲਦਾ
ਉਮਰ ਅਸਾਡੀ ਧੁਖ-ਧੁਖ ਲੰਘੇ
ਸਾਡੀ ਦੇਹ ਹੀ ਸਾਡੇ ਸਾਹ ਤੋਂ
ਇੱਕ ਦਿਨ ਨੀਵੀਂ ਪਾ ਕੇ ਲੰਘੇ
ਸਾਡਾ ਸੂਰਜ
ਸਾਥੋਂ ਸੰਗੇ

ਸਲਵਾਨ
ਹਾਂ ਮਿੱਤ੍ਰ !
ਤੂੰ ਸੱਚ ਕਹਿੰਦਾ ਹੈਂ
ਹੁਣ ਤਾਂ ਸੂਰਜ
ਢਲ ਚੱਲਿਆ ਸੀ
ਧੁੱਪ ਦਾ ਬਾਲਣ ਬਲ ਚੱਲਿਆ ਸੀ
ਸੁਪਨ-ਸਰਪਨੀ ਵਾਲਾ ਸੁਪਨਾ
ਹੁਣ ਮਿੱਟੀ ਵਿੱਚ ਰਲ ਚੱਲਿਆ ਸੀ
ਪਰ ਕਲ ਸੁਪਨਾ ਅੱਖੀਂ ਤੱਕ ਕੇ
ਮੈਨੂੰ ਮੁੜ ਕੇ
ਛਲ ਚੱਲਿਆ ਹੈ
ਮੇਰੀ ਮਹਿਕ-ਵਿਛੁੰਨੀ ਰੂਹ ‘ਤੇ
ਮਲ ਚੱਲਿਆ ਹੈ

ਵਰਮਨ
ਮੈਂ ਵੱਡ-ਭਾਗਾ
ਇਸ ਮਿੱਟੀ ‘ਚੋਂ
ਜੇ ਤੈਨੂੰ ਤੇਰਾ ਸੁਪਨਾ ਲੱਭੇ
ਕਿਹੜੀ ਰੂਪਵਤੀ ਹੈ ਐਸੀ
ਮੈਨੂੰ ਵੀ ਕੁਝ
ਪਤਾ ਤਾਂ ਲੱਗੇ ?

ਸਲਵਾਨ
ਹਾਂ ਮਿੱਤ੍ਰ ! ਉਹ ਕਿਰਨ ਜੇਹੀ ਜੋ
ਸੁੱਤ-ਉਨੀਂਦੇ ਨੈਣਾਂ ਵਾਲੀ
ਕੋਹ ਕੋਹ ਲੰਮੇ ਵਾਲਾਂ ਵਾਲੀ
ਨੀਮ-ਉਦਾਸੇ ਅੰਗਾਂ ਵਾਲੀ
ਦੁਧੀਂ ਧੋਤੇ ਰੰਗਾਂ ਵਾਲੀ
ਲੰਮ-ਸਲੰਮੀ ਚੰਦਨ-ਗੇਲੀ
ਭਾਰੇ ਜਿਹੇ ਨਿਤੰਭਾ ਵਾਲੀ
ਮੋਤੀ-ਵੰਨੇ ਦੰਦਾਂ ਵਾਲੀ
ਲੂਣਾ !
ਜਿਹੜੀ ਕੱਲ ਉਤਸਵ ਵਿੱਚ
ਚੁਣੀ ਸੀ ਯੁਵਤੀ ਸੰਗਾਂ ਵਾਲੀ
ਸੁਪਨ-ਸਰਪਨੀ ਡੰਗਾਂ ਵਾਲੀ

(ਚਲਦਾ….)