ਪੰਚਮ ਦਾਤਾਰ ਸਤਿਗੁਰ – ਹਰੀ ਸਿੰਘ ਜਾਚਕ
ਨਾਨਾ ਗੁਰੂ ਦੀ ਗੋਦ ’ਚ ਖੇਡ ਕੇ ਤੇ, ਬਾਲ ਅਰਜਨ ਨੇ ਬਚਪਨ ਗੁਜ਼ਾਰਿਆ ਸੀ।
ਨਿੱਕੇ ਬੱਚੇ ’ਚ ਤੱਕ ਕੇ ਗੁਣ ਵੱਡੇ, ਤੀਜੇ ਪਾਤਿਸ਼ਾਹ ਬਹੁਤ ਸਤਿਕਾਰਿਆ ਸੀ।
‘ਦੋਹਿਤਾ ਬਾਣੀ ਕਾ ਬੋਹਿਥਾ’ ਮੁੱਖ ਵਿੱਚੋਂ, ਏਸ ਬੱਚੇ ਲਈ ਬਚਨ ਉਚਾਰਿਆ ਸੀ।
ਬਾਲ ਅਰਜਨ ਨੇ ਬਣ ਫਿਰ ਗੁਰੂ ਅਰਜਨ, ਪਾਵਨ ਬਚਨਾਂ ਦਾ ਮੁੱਲ ਉਤਾਰਿਆ ਸੀ।
ਮੱਥਰਾ ਭੱਟ ਸਵੱਈਆਂ ਦੇ ਵਿੱਚ ਲਿਖਦੈ, ਪੂਰਨ ਪੁਰਖ ਹੈਸੀ ਹੋਣਹਾਰ ਸਤਿਗੁਰ।
ਦਿੱਤੀ ਸੇਧ ਜਿਨ੍ਹਾਂ ਭੁੱਲੇ ਭਟਕਿਆਂ ਨੂੰ, ਉਹ ਰੂਹਾਨੀਅਤ ਦੇ ਸੀ ਭੰਡਾਰ ਸਤਿਗੁਰ।
ਧੁਰੋਂ ਭੇਜੇ ਅਧਿਆਤਮਕ ਕਵੀ ਸੀ ਉਹ, ਤੇ ਰਾਗਾਂ ਵਿੱਚ ਵੀ ਮਾਹਰ ਫੰਕਾਰ ਸਤਿਗੁਰ।
ਮੈਲੇ ਮਨਾਂ ਨੂੰ ਨਾਮ ਦਾ ਲਾ ਸਾਬਣ, ਧੋ ਦੇਂਦੇ ਸਨ ਪੰਚਮ ਦਾਤਾਰ ਸਤਿਗੁਰ।
ਮੀਆਂ ਮੀਰ ਤੋਂ ਨੀਂਹ ਰੱਖਵਾ ਕੇ ਤੇ, ਹਰੀਮੰਦਰ ਨੂੰ ਗੁਰਾਂ ਉਸਾਰਿਆ ਸੀ।
ਊਚ ਨੀਚ ਦਵੈਤ ਤੋਂ ਦੂਰ ਰਹਿਕੇ, ਹਰ ਇੱਕ ਦੇ ਤਾਂਈਂ ਸਤਿਕਾਰਿਆ ਸੀ।
ਚੌਂਹ ਦਿਸ਼ਾਂ ਵੱਲ ਰੱਖਕੇ ਚਾਰ ਬੂਹੇ, ਹਰਿ ਧਰਮ ਤੇ ਕੌਮ ਨੂੰ ਪਿਆਰਿਆ ਸੀ।
ਸਾਂਝੀਵਾਲਤਾ ਵਾਲਾ ਸੰਦੇਸ਼ ਦੇ ਕੇ, ਗੁਰਾਂ ਸਾਰੀ ਲੋਕਾਈ ਨੂੰ ਤਾਰਿਆ ਸੀ।
ਰਾਮਸਰ ਸਰੋਵਰ ਦੇ ਬੈਠ ਕੰਢੇ, ਸੁਰਤੀ ਬਿਰਤੀ ਲਗਾਈ ਸੀ ਗੁਰੂ ਅਰਜਨ।
ਕਰਕੇ ਮਿਹਰ ਦੀ ਨਜ਼ਰ ਗੁਰਦਾਸ ਜੀ ’ਤੇ, ਪਾਵਨ ਬੀੜ ਲਿਖਵਾਈ ਸੀ ਗੁਰੂ ਅਰਜਨ।
ਰੱਬੀ ਭਗਤਾਂ ਦੀ ਬਾਣੀ ਵੀ ਕਰ ਸ਼ਾਮਲ, ਸਭ ਨੂੰ ਦਿੱਤੀ ਵਡਿਆਈ ਸੀ ਗੁਰੂ ਅਰਜਨ।
ਆਦਿ ਗ੍ਰੰਥ ਸੰਪੂਰਨ ਕਰਵਾ ਕੇ ਤੇ, ਜੀਵਨ ਜਾਚ ਸਿਖਾਈ ਸੀ ਗੁਰੂ ਅਰਜਨ।
ਤਰਨ ਤਾਰਨ ਤੇ ਪੁਰ ਕਰਤਾਰ ਵਰਗੇ, ਸੋਹਣੇ ਨਗਰ ਵਸਾਏ ਸੀ ਪਾਤਸ਼ਾਹ ਨੇ।
ਕਾਲ ਪਿਆ ਜਦ ਪੂਰੇ ਪੰਜਾਬ ਅੰਦਰ, ਜਜ਼ੀਏ ਮਾਫ਼ ਕਰਵਾਏ ਸੀ ਪਾਤਸ਼ਾਹ ਨੇ।
ਅੰਮ੍ਰਿਤਸਰ ਇਲਾਕੇ ਦੇ ਵਿੱਚ ਓਦੋਂ, ਬਾਰਾਂ ਖੂਹ ਖੁਦਵਾਏ ਸੀ ਪਾਤਿਸ਼ਾਹ ਨੇ।
ਕੋਹੜ ਕੋਹੜੀਆਂ ਦੇ ਦੂਰ ਕਰਨ ਖਾਤਰ, ਦਵਾਖਾਨੇ ਬਣਵਾਏ ਸੀ ਪਾਤਸ਼ਾਹ ਨੇ।
ਗੁਰੂ ਘਰ ਦੀ ਜੱਗ ’ਤੇ ਚੜਤ ਤੱਕ ਕੇ, ਦੋਖੀ ਰਲ ਮਿਲ ਸਾਜਿਸ਼ਾਂ ਘੜਨ ਲੱਗੇ।
ਪ੍ਰਿਥੀ ਚੰਦ ਵਰਗੇ ਚੰਦੂ ਸ਼ਾਹ ਵਰਗੇ, ਅੱਗ ਈਰਖਾ ਦੀ ਅੰਦਰ ਸੜਨ ਲੱਗੇ।
ਸ਼ੇਖ ਅਹਿਮਦ ਤੇ ਮੁਰਤਜ਼ਾ ਖਾਂ ਵਰਗੇ, ਕੱਟੜ ਪੰਥੀ ਵੀ ਇਨ੍ਹਾਂ ਨਾਲ ਖੜਨ ਲੱਗੇ।
ਬਾਗੀ ਖੁਸਰੋ ਨੂੰ ਇਨ੍ਹਾਂ ਪਨਾਂਹ ਦਿੱਤੀ, ਐਸੇ ਦੋਸ਼ ਵੀ ਗੁਰਾਂ ’ਤੇ ਮੜ੍ਹਨ ਲੱਗੇ।
ਜਹਾਂਗੀਰ ਦੇ ਭਰੇ ਜਦ ਕੰਨ ਇਨ੍ਹਾਂ, ਆਖਿਰ ਓਸ ਨੇ ਹੁਕਮ ਸੁਣਾ ਦਿੱਤਾ।
‘ਯਾਸਾ’ ਰਾਹੀਂ ਤਸੀਹੇ ਦਿਵਾਉਣ ਖਾਤਿਰ, ਚੰਦੂ ਚੰਦਰੇ ਕੋਲ ਪਹੁੰਚਾ ਦਿੱਤਾ।
ਗੁਰੂ ਸਾਹਿਬ ਨੂੰ ਭੁਖਿਆਂ ਰੱਖ ਓਹਨੇ, ਪੰਜ ਦਿਨਾਂ ਦਾ ਸਮਾਂ ਲੰਘਾ ਦਿੱਤਾ।
ਤੱਤੀ ਤਵੀ ’ਤੇ ਆਖਿਰ ਬਿਠਾ ਕੇ ਤੇ, ਦੇ ਦੇ ਕਸ਼ਟ ਸ਼ਹੀਦ ਕਰਵਾ ਦਿੱਤਾ।
ਰਾਵੀ ਵਿੱਚੋਂ ਅਗੰਮੀ ਆਵਾਜ਼ ਆਈ, ਹੁਣ ਤਾਂ ਸਿੱਖੀ ਦੀਆਂ ਸ਼ਾਨਾਂ ਦਾ ਜਨਮ ਹੋਊ।
ਜੀਹਨਾਂ ਜ਼ੁਲਮ ਨੂੰ ਜੜੋਂ ਉਖਾੜ ਸੁਟਣੈ, ਉਨ੍ਹਾਂ ਲੱਖਾਂ ਤੂਫ਼ਾਨਾਂ ਦਾ ਜਨਮ ਹੋਊ।
ਸੰਤ ਸਿਪਾਹੀਆਂ ਦੇ ਪੂਰਨ ਸਰੂਪ ਅੰਦਰ, ਬੀਰ ਬਾਂਕੇ ਬਲਵਾਨਾਂ ਦਾ ਜਨਮ ਹੋਊ।
ਰੱਖਿਆ ਭਗਤੀ ਦੀ ਕਰਨ ਲਈ ਨਾਲ ਸ਼ਕਤੀ, ਮੀਰੀ ਪੀਰੀ ਕਿਰਪਾਨਾਂ ਦਾ ਜਨਮ ਹੋਊ।
ਏਸ ਪਾਵਨ ਸ਼ਹਾਦਤ ਤੋਂ ਬਾਅਦ ‘ਜਾਚਕ’, ਬੀਰ ਬਾਂਕੇ ਬਲਕਾਰਾਂ ਦਾ ਜਨਮ ਹੋਇਆ।
ਛੇਵੇਂ ਪਾਤਸ਼ਾਹ ਬੈਠੇ ਜਦ ਤਖ਼ਤ ਉੱਤੇ, ਮੀਰੀ ਪੀਰੀ ਤਲਵਾਰਾਂ ਦਾ ਜਨਮ ਹੋਇਆ।
ਪੈਦਾ ਕਰਨ ਲਈ ਅਣਖ ਦੇ ਕਈ ਸ਼ੋਅਲੇ, ਚੜ੍ਹਦੀ ਕਲਾ ਦੀਆਂ ਵਾਰਾਂ ਦਾ ਜਨਮ ਹੋਇਆ।
ਧੌਂਸੇ ਖੜਕੇ ਨਗਾਰੇ’ਤੇ ਚੋਟ ਲੱਗੀ, ਸਾਡੇ ਬਾਗੀਂ ਬਹਾਰਾਂ ਦਾ ਜਨਮ ਹੋਇਆ।