ਸ਼ਬਦ ਗੁਰੂ – ਗੁਰੂ ਗ੍ਰੰਥ ਸਾਹਿਬ ਜੀ – ਹਰੀ ਸਿੰਘ ਜਾਚਕ
ਦੁਨੀਆਂ ਵਿੱਚ ਨਹੀਂ ਕੋਈ ਮਿਸਾਲ ਮਿਲਦੀ, ਬੇਮਿਸਾਲ ਨੇ ਗੁਰੂ ਗਰੰਥ ਸਾਹਿਬ।
ਸਦਾ ਓਟ ਤੇ ਆਸਰਾ ਅਸੀਂ ਲੈਂਦੇ, ਦੀਨ ਦਇਆਲ ਨੇ ਗੁਰੂ ਗਰੰਥ ਸਾਹਿਬ।
ਕਈ ਸਦੀਆਂ ਤੋਂ ਸਾਡੀ ਅਗਵਾਈ ਕਰ ਰਹੇ, ਹਰਦਮ ਨਾਲ ਨੇ ਗੁਰੂ ਗਰੰਥ ਸਾਹਿਬ।
ਜੁਗੋ ਜੁਗ ਜੋ ਸਦਾ ਅਟੱਲ ਰਹਿਣੇ, ਆਪ ਅਕਾਲ ਨੇ ਗੁਰੂ ਗਰੰਥ ਸਾਹਿਬ।
ਲੈ ਕੇ ਆਸਾਂ ਹਾਂ ਗੁਰੂ ਦੇ ਦਰ ਆਉਂਦੇ, ਆਸਾਂ ਪੂਰੀਆਂ ਕਰਦੇ ਨੇ ਪਾਤਸ਼ਾਹ ਜੀ।
ਦੁੱਖਾਂ ਮਾਰੇ ਨੇ ਆਣ ਅਰਦਾਸ ਕਰਦੇ, ਦੁੱਖ ਸਭ ਦੇ ਹਰਦੇ ਨੇ ਪਾਤਸ਼ਾਹ ਜੀ।
ਖਾਲੀ ਝੋਲੀ ਸਵਾਲੀ ਨੇ ਜੋ ਆਉਂਦੇ, ਖਾਲੀ ਝੋਲੀਆਂ ਭਰਦੇ ਨੇ ਪਾਤਸ਼ਾਹ ਜੀ।
ਗੁਰੂ ਸਾਹਿਬ ਦੇ ਚਰਨੀਂ ਜੋ ਸੀਸ ਝੁਕਦੇ, ਹੱਥ ਸੀਸ ਤੇ ਧਰਦੇ ਨੇ ਪਾਤਸ਼ਾਹ ਜੀ।
ਗੁਰੂ ਗਰੰਥ ਦੀ ਪਾਵਨ ਅਗਵਾਈ ਰਾਹੀਂ, ਕਰਨੈ ਸਿੱਖੀ ਦਾ ਥਾਂ ਥਾਂ ਪਰਚਾਰ ਆਪਾਂ।
ਗੁਹਜ ਰਤਨ ਗੁਰਬਾਣੀ ’ਚੋਂ ਖੋਜਣੇ ਨੇ, ਕਰਨੈ ਬਾਣੀ ਦਾ ਪੂਰਨ ਸਤਿਕਾਰ ਆਪਾਂ ।
ਲੱਭਣੇ ਹੱਲ ਦਰਪੇਸ਼ ਚੁਣੋਤੀਆਂ ਦੇ, ਪੰਥਕ ਜਜਬੇ ਨੂੰ ਦਿਲ ਵਿੱਚ ਧਾਰ ਆਪਾਂ ।
ਆਪਣੇ ਸਿਰਾਂ ਤੇ ‘ਜਾਚਕਾ’ ਚੁੱਕਣਾ ਏਂ, ਸਿੱਖ ਕੌਮ ਦੇ ਦਰਦ ਦਾ ਭਾਰ ਆਪਾਂ ।
ਇਹ ਗੱਲ ਸੱਚ ਹੈ ਆਖਰੀ ਦੱਮ ਤੀਕਰ, ਏਸ ਜੱਗ ਦੇ ਧੰਦੇ ਨਹੀਂ ਮੁੱਕ ਸਕਦੇ।
ਲੁਕ ਛਿਪ ਕੇ ਜਿੰਨੇ ਵੀ ਪਾਪ ਕਰੀਏ, ਉਸ ਦਾਤੇ ਤੋਂ ਕਦੇ ਨਹੀਂ ਲੁਕ ਸਕਦੇ।
ਜਿੰਨੇ ਮਰਜੀ ਦਰਿਆਵਾਂ ਨੂੰ ਬੰਨ੍ਹ ਲਾਈਏ, ਵਹਿਣ ਇਨ੍ਹਾਂ ਦੇ ਕਦੇ ਨਹੀਂ ਰੁਕ ਸਕਦੇ।
ਸੀਸ ਝੁਕਣ ਤਾਂ ਗੁਰੂ ਗ੍ਰੰਥ ਅੱਗੇ , ਹੋਰ ਕਿਸੇ ਦੇ ਅੱਗੇ ਨਹੀਂ ਝੁਕ ਸਕਦੇ।
ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੋ ਜੇਕਰ, ਥਾਂ ਥਾਂ ਤੇ ਅਟਕਣਾ ਛੱਡ ਦੇਵੋ।
ਡਾਹ ਕੇ ਮੰਜੀਆਂ ਬੈਠੇ ‘ਸਿਆਣਿਆਂ’ ਦੇ, ਜਾ ਕੇ ਨੇੜੇ ਵੀ ਫਟਕਣਾ ਛੱਡ ਦੇਵੋ।
ਕਦੇ ਏਸ ਟਾਹਣੀ, ਕਦੇ ਓਸ ਟਾਹਣੀ, ਪੁੱਠੇ ਹੋ ਕੇ ਲਟਕਣਾ ਛੱਡ ਦੇਵੋ।
ਰੱਖੋ ਓਟ ਬਸ ਗੁਰੂ ਗਰੰਥ ਜੀ ਤੇ, ਦਰ ਦਰ ਤੇ ਭਟਕਣਾ ਛੱਡ ਦੇਵੋ।