ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਸਾਲਸ ਰਾਇ – ਹਰੀ ਸਿੰਘ ਜਾਚਕ
ਸਾਹਿਬ ਸ੍ਰੀ ਗੁਰੂ ਨਾਨਕ ਪਿਆਰੇ। ਕਰਦੇ ਰਹੇ ਨੇ ਚੋਜ ਨਿਆਰੇ।
ਜਗਤ ਜਲੰਦਾ ਠਾਰਨ ਖਾਤਰ। ਡੁਬਦਿਆਂ ਤਾਈਂ ਤਾਰਨ ਖਾਤਰ।
ਕਰਦੇ ਹੋਏ ਧਰਮ ਪ੍ਰਚਾਰ। ਪਹੁੰਚੇ ਪਟਨੇ ਸ਼ਹਿਰ ਦੇ ਬਾਹਰ।
ਇੱਕ ਥਾਂ ਜਾ ਗੁਰ ਨਾਨਕ ਲੇਟੇ। ਨਿਰੰਕਾਰ ਦੇ ਸੋਹਣੇ ਬੇਟੇ।
ਚਿਹਰੇ ’ਤੇ ਨੂਰੀ ਪ੍ਰਕਾਸ਼। ਬੈਠਾ ਹੈ ਮਰਦਾਨਾ ਪਾਸ।
ਮਰਦਾਨੇ ਨੇ ਕੀਤਾ ਸੁਆਲ। ਦੱਸਿਉ ਮੈਨੂੰ ਦੀਨ ਦਇਆਲ।
ਕਹਿੰਦੇ ਹੋ ਸੰਸਾਰ ਇਹ ਸਾਰਾ। ਇਕ ਓਅੰਕਾਰ ਦਾ ਹੈ ਪਾਸਾਰਾ।
ਕਿਥੋਂ ਲਿਆਈਏ ਐਸੀ ਦ੍ਰਿਸ਼ਟੀ। ਜਾਪੇ ਉਸਦੀ ਸਾਰੀ ਸ੍ਰਿਸ਼ਟੀ।
ਕਿਹੜੀ ਹੈ ਉਹ ਪਾਰਖੂ ਅੱਖ। ਵੇਖੇ ਨਾ ਜੋ ਵੱਖੋ ਵੱਖ।
ਕਿਵੇਂ ਨੇ ਸਾਰੇ ਰੱਬ ਦੇ ਬੰਦੇ। ਭਾਵੇਂ ਚੰਗੇ ਭਾਵੇਂ ਮੰਦੇ।
ਮੈਨੂੰ ਇਸ ਬਾਰੇ ਸਮਝਾਓ। ਥੋੜਾ ਜਿਹਾ ਹੁਣ ਚਾਨਣ ਪਾਓ।
ਖਿੜੇ ਮੱਥੇ ਮਿਹਰਾਂ ਦੇ ਸਾਈਂ। ਕਹਿਣ ਲੱਗੇ ਮਰਦਾਨੇ ਤਾਈਂ।
ਨਜ਼ਰ ਬੰਨ੍ਹ ਕੇ, ਵੇਖੀਏ ਜਿੱਦਾਂ। ਮਨ ਨੂੰ ਬੰਨ ਕੇ ਵੇਖ ਤੂੰ ਇੱਦਾਂ।
ਟਿਕ ਜਾਏਗਾ ਮਨ ਜਦ ਤੇਰਾ। ਫਿਰ ਨਹੀਂ ਦਿੱਸਣਾ ਮੇਰਾ ਤੇਰਾ।
ਦੂਰ ਹੋਏਗਾ ਘੁੱਪ ਹਨੇਰਾ। ‘ਓਹਦਾ’ ਜਾਪੂ ਚਾਰ ਚੁਫੇਰਾ।
ਸ਼ਬਦਿ ਸੁਰਤਿ ਜਦ ਸੁਰ ਹੋ ਜਾਊ। ਅੰਦਰ ਅੰਮ੍ਰਿਤ ਰਸ ਫਿਰ ਆਊ।
ਚੋਜੀ ਚੋਜ ਰਚਾਵਣ ਲੱਗੇ। ਸੇਵਕ ਨੂੰ ਸਮਝਾਵਣ ਲੱਗੇ।
ਕਹਿੰਦੇ, ਭਾਈ ਮਰਦਾਨਾ ਜਾਹ। ਖਾਣ ਲਈ ਕੁਝ ਸ਼ਹਿਰੋਂ ਲਿਆ।
ਲੈ ਜਾ ਇਹ ਲਾਲ ਜਿਹੀ ਵੱਟੀ। ਪਹੁੰਚ ਜਾ ਕਿਸੇ ਸ਼ਾਹ ਦੀ ਹੱਟੀ।
ਵੇਚੀਂ, ਜੋ ਹੀਰੇ ਦਾ ਭੇਤੀ। ਖਾਣ ਲਈ ਕੁਝ ਲੈ ਆਈਂ ਛੇਤੀ।
ਜਾਂਦੇ ਹੀ ਤੂੰ ਪਈਂ ਨਾ ਕਾਹਲਾ। ਮਿਲੂ ਕੋਈ ਮੁਲ ਪਾਵਣ ਵਾਲਾ।
ਹੁਕਮ ਮੰਨ ਮਰਦਾਨਾ ਤੁਰਿਆ। ਨਾਨਕ ਦਾ ਦੀਵਾਨਾ ਤੁਰਿਆ।
ਚੁੱਕ ਪੋਟਲੀ ਸ਼ਹਿਰ ਨੂੰ ਆਇਆ। ਕਈ ਦੁਕਾਨਾਂ ’ਤੇ ਦਿਖਲਾਇਆ।
ਕਿਸੇ ਕਿਹਾ ਆ, ਆ ਕੇ ਬਹਿ ਜਾ। ਇਹਦਾ ਦੋ ਗਜ ਕਪੜਾ ਲੈ ਜਾ।
ਕੋਈ ਕਹਿੰਦਾ ਜੇ ਤੂੰ ਹੈ ਖਾਣੇ। ਲੈ ਜਾ ਇਸਦੇ ਪਾਅ ਭਰ ਦਾਣੇ।
ਕਹਿੰਦਾ ਇਕ ਹੋ ਬੜਾ ਦਿਆਲੂ। ਲੈ ਜਾ ਇਹਦੇ ਗੋਭੀ ਆਲੂ।
ਪੱਥਰੀ ਇਹ ਮੁਲਾਇਮ ਤੇ ਕੂਲੀ। ਲੈ ਜਾ ਇਸਦੇ ਬਦਲੇ ਮੂਲੀ।
ਕਿਸੇ ਕਿਹਾ ਇਹ ਲਾਲ ਹੈ ਥੋਹੜੀ। ਲੈ ਜਾ ਚੱਲ ਤੂੰ ਗੁੜ ਦੀ ਰੋੜੀ।
ਕਿਸੇ ਨੇ ਕੋਈ ਮੁੱਲ ਨਾ ਪਾਇਆ। ਇਹ ਵੀ ਹੈਸੀ ‘ਓਹਦੀ’ ਮਾਇਆ।
ਆਖਰ ਭੁੱਖਾ ਅਤੇ ਤਿਹਾਇਆ। ਸਾਲਸ ਰਾਇ ਦੀ ਹੱਟੀ ਆਇਆ।
ਸਾਲਸ ਰਾਇ ਪਟਨੇ ਵਿੱਚ ਰਹਿੰਦਾ। ਰੱਬ ਦੀ ਰਜਾ ’ਚ ਉਠਦਾ ਬਹਿੰਦਾ।
ਕਰਦਾ ਸੀ ਵਪਾਰ ਉਹ ਲਾਲਾ। ਹੀਰੇ ਰਤਨ ਜਵਾਹਰ ਵਾਲਾ।
ਨਜ਼ਰ ਓਸਦੀ ਬੜੀ ਸੀ ਤਿੱਖੀ। ਖਰੇ ਖੋਟੇ ਦੀ ਪਰਖ ਸੀ ਸਿੱਖੀ।
ਮਰਦਾਨਾ ਪੁੱਜਾ ਉਸ ਕੋਲ। ਹੌਲੀ ਹੌਲੀ ਬੋਲੇ ਬੋਲ।
ਕਹਿੰਦਾ ਮੇਰੀ ਸੁਣੋ ਕਹਾਣੀ। ਛਕਣੈ ਅਸਾਂ ਨੇ ਅੰਨ ਤੇ ਪਾਣੀ।
ਲੈ ਕੇ ਮੈਂ ਇਹ ਪੋਟਲੀ ਆਇਆ। ਇਹਦੇ ਵਿੱਚ ਇਕ ਚੀਜ਼ ਲਿਆਇਆ।
ਵੇਚਣ ਲਈ ਹਾਂ ਆਇਆ ਇਹਨੂੰ। ਇਹਦੇ ਦੇ ਦਿਉ ਪੈਸੇ ਮੈਨੂੰ।
ਸਾਲਸ ਰਾਇ ਪੋਟਲੀ ਖੋਲੀ। ਕਹਿੰਦਾ ਮੈਂ ਤਾਂ ਵਾਰੇ ਘੋਲੀ।
ਜਿੱਦਾਂ ਹੀ ਉਹਨੇ ਅੰਦਰ ਤੱਕਿਆ। ਓਦਾਂ ਹੀ ਉਹਨੂੰ ਹੱਥੀਂ ਢੱਕਿਆ।
ਕਹਿਣ ਲੱਗਾ ਉਹ ਨੌਕਰ ਤਾਂਈਂ। ਅੰਦਰੋਂ ਜਾ ਕੇ ਪੈਸੇ ਲਿਆਈਂ।
ਕਹਿੰਦਾ ਵੇਖੀ ਦੁਨੀਆਂ ਸਾਰੀ। ਤੇਰਾ ਮਾਲਕ ਵੱਡਾ ਵਪਾਰੀ।
ਖਰਾ ਸੌਦਾ ਕੋਈ ਖਾਸ ਵਿਸ਼ੇਸ਼। ਵੇਚ ਰਿਹੈ ਉਹ ਦੇਸ਼ ਵਿਦੇਸ਼।
ਵਾਪਸ ਲੈ ਜਾ ਤੂੰ ਇਹ ਲਾਲ। ਤੱਕ ਤੱਕ ਮੈਂ ਤਾਂ ਹੋਇਆ ਨਿਹਾਲ।
100 ਰੁਪਈਆ ਵਿੱਚ ਵਲੇਟਾ। ਇਹ ਤਾਂ ਇਸਦੀ ਦਰਸ਼ਨ ਭੇਟਾ।
ਇਹ ਤਾਂ ਲਾਲ ਕੋਈ ਅਨਮੁੱਲ। ਇਹਦਾ ਦੁਨੀਆਂ ਵਿੱਚ ਨਹੀਂ ਮੁੱਲ।
ਫਿਰ ਜੇ ਇਹਨੂੰ ਵੇਚਣ ਆਈਂ। ਇਹਦਾ ਮਾਲਕ ਨਾਲ ਲਿਆਈਂ।
ਵੱਡਾ ਜੋਹਰੀ ਜਾਣੀ ਜਾਣ। ਲੈ ਰਿਹੈ ਸਾਡਾ ਇਮਤਿਹਾਨ।
ਛੱਡੀ ਫਿਰਦੈ ਦੁਨੀਆਂਦਾਰੀ। ਤੇਰਾ ਮਾਲਕ ਪ੍ਰਉਪਕਾਰੀ।
ਸੌ ਰੁਪਈਏ ਲੈ ਕੇ ਰਾਸ। ਸਿੱਖ ਪਹੁੰਚਾ ਸਤਿਗੁਰ ਦੇ ਪਾਸ।
ਕਹਿੰਦਾ ਦਾਤਾ ਤੇਰੀ ਮਾਇਆ। ਮੈਨੂੰ ਤਾਂ ਕੁਝ ਸਮਝ ਨਾ ਆਇਆ।
ਕਿਸੇ ਨੇ ਮੂਲੋਂ ਮੁੱਲ ਨਾ ਪਾਇਆ। ਕਿਸੇ ਨੇ ਦਰਸ਼ਨ ਭੇਟ ਚੜ੍ਹਾਇਆ।
ਸਤਿਗੁਰ ਨਾਨਕ ਹੱਸ ਪਏ ਸੀ। ਮਿਹਰਾਂ ਦੇ ਮੀਂਹ ਵੱਸ ਪਏ ਸੀ।
ਕਹਿੰਦੇ ਏਹੀਓ ਹੁੰਦੀ ਅੱਖ। ਜਿਸਨੂੰ ਦਿੱਸ ਜਾਂਦੈ ਪ੍ਰਤੱਖ।
ਸ਼ਬਦ ਸੁਰਤਿ ਦਾ ਜੀਹਨੂੰ ਗਿਆਨ। ਉਹਦੀ ਦ੍ਰਿਸ਼ਟੀ ਹੈ ਮਹਾਨ।
ਇਹ ਹੈ ਸਭ ਦ੍ਰਿਸ਼ਟੀਆਂ ਤੋਂ ਪਰੇ। ਦਿਸੇ ਉਹਨੂੰ, ਜੀਹਦਾ ਆਪਾ ਮਰੇ।
ਬੰਦੇ ਨੂੰ ਫਿਰ ਆਉਂਦੈ ਸੁਆਦ। ਝੂਮਣ ਲੱਗਦੈ ਵਿੱਚ ਵਿਸਮਾਦ।
ਏਨੇ ਚਿਰ ਨੂੰ ਸਾਲਸ ਰਾਇ। ਸਤਿਗੁਰ ਦੇ ਲਈ ਭੋਜਨ ਲਿਆਏ।
ਪਿਆਰ ਨਾਲ ਪ੍ਰਸ਼ਾਦਾ ਪੱਕਿਆ। ਮਰਦਾਨੇ ਤੇ ਬਾਬੇ ਛੱਕਿਆ।
ਦਿੱਬ ਦ੍ਰਿਸ਼ਟ ਦਾ ਦਿੱਤਾ ਦਾਨ। ਬਾਬਾ ਨਾਨਕ ਬੜਾ ਮਹਾਨ।
‘ਜਾਚਕ’ ਬਾਬੇ ਹੋ ਨਿਹਾਲ। ਬਣਵਾਈ ਓਥੇ ਧਰਮਸਾਲ।
(ਅੱਜਕੱਲ ਗੁਰਦੁਆਰਾ ਗਊਘਾਟ, ਪਟਨਾ ਸਾਹਿਬ)