ਸਤਿ ਸ਼੍ਰੀ ਅਕਾਲ ਸਾਰੇ ਪਾਠਕਾਂ ਨੂੰ। ਸਾਫ਼ਟਵੇਅਰ ਬਾਰੇ ਤਾਂ ਮੈਂ ਆਪਣੀ ਪਿਛਲੀ ਸੰਪਾਦਨਾ(ਪੋਸਟ) ਵਿੱਚ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਥੋੜ੍ਹਾ ਜਿਹਾ ਉਨ੍ਹਾਂ ਦੀਆਂ ਕਿਸਮਾਂ ਦਾ ਜ਼ਿਕਰ ਵੀ ਨਾਲ ਹੀ ਕਰ ਦਿੱਤਾ ਸੀ। ਪਰ ਸਾਫ਼ਟਵੇਅਰਾਂ ਦੀ ਵੰਡ ਅੱਗੋਂ ਹੋਰ ਵੀ ਕਈ ਵੱਖਰੇ-ਵੱਖਰੇ ਢੰਗਾਂ ਨਾਲ ਕੀਤੀ ਗਈ ਹੈ। ਇਸ ਲਈ ਇਸ ਸੰਪਾਦਨਾ ਵਿੱਚ ਮੈਂ ਖੁੱਲੇ ਤੇ ਬੰਦ ਸਰੋਤ ਕਿਸਮ ਅਨੁਸਾਰ ਉਨ੍ਹਾਂ ਬਾਰੇ ਜਾਣਕਾਰੀ ਦੇਵਾਂਗਾ ਅਤੇ ਉਨ੍ਹਾਂ ਦੇ ਚੰਗੇ-ਮਾੜੇ ਗੁਣਾਂ ਦਾ ਜ਼ਿਕਰ ਵੀ ਜ਼ਰੂਰ ਕੀਤਾ ਜਾਵੇਗਾ। ਉਂਝ ਇਹ ਵੰਡ ਸਾਫ਼ਟਵੇਅਰਾਂ ਦੀ ਲਸੰਸ ਮੁਤਾਬਿਕ ਹੁੰਦੀ ਹੈ। ਖੁੱਲੇ ਸਰੋਤ ਨੂੰ ਅੰਗਰੇਜ਼ੀ ਵਿੱਚ ਓਪਨ ਸੋਰਸ ਅਤੇ ਬੰਦ ਸਰੋਤ ਸਾਫ਼ਟਵੇਅਰਾਂ ਨੂੰ ਕਲੋਸਡ ਸੋਰਸ ਜਾਂ ਪ੍ਰੋਪ੍ਰਾਇਟਰੀ ਭਾਵ ਮਾਲਕਾਨਾ ਸਾਫ਼ਟਵੇਅਰ ਆਖਿਆ ਜਾਂਦਾ ਹੈ।
ਇਹ ਵੀ ਦੇਖੋ: ਸਾਫ਼ਟਵੇਅਰ ਕੀ ਹੁੰਦੇ ਹਨ?
ਖੁੱਲ੍ਹਾ ਸਰੋਤ ਸਾਫ਼ਟਵੇਅਰ
ਖੁੱਲ੍ਹਾ ਸਰੋਤ ਸਾਫ਼ਟਵੇਅਰ ਉਹ ਸਾਫ਼ਟਵੇਅਰ ਹੁੰਦੇ ਹਨ ਜਿਨ੍ਹਾਂ ਦਾ ਸਰੋਤ ਕੋਡ ਕੋਈ ਵੀ ਵਰਤ ਅਤੇ ਬਦਲ ਸਕਦਾ ਹੈ। ਇਸ ਕਿਸਮ ਦੇ ਸਾਫ਼ਟਵੇਅਰਾਂ ਦੀ ਕਾਰਜ-ਪ੍ਰਣਾਲੀ ਵਿੱਚ ਪਾਰਦਰਸ਼ਤਾ ਵੀ ਬਣੀ ਰਹਿੰਦੀ ਹੈ। ਕੋਈ ਵੀ ਵਿਕਾਸਕਾਰ (ਡਿਵਲਪਰ) ਜਾਂ ਆਦੇਸ਼ਕਾਰ (ਪ੍ਰੋਗਰਾਮਰ) ਜੋ ਕਿ ਪ੍ਰੋਗਰਾਮਿੰਗ ਦੀ ਜਾਣਕਾਰੀ ਰੱਖਦਾ ਹੈ ਇਸ ਤਰ੍ਹਾਂ ਦੇ ਸਾਫ਼ਟਵੇਅਰਾਂ ਦੇ ਸਰੋਤ ਕੋਡ ਵਿੱਚ ਸੋਧ ਕਰਕੇ ਉਨ੍ਹਾਂ ਨੂੰ ਹੋਰ ਬਿਹਤਰ ਬਣਾ ਸਕਦਾ ਹੈ। ਇਸ ਤੋਂ ਇਲਾਵਾ ਖੁੱਲੇ ਸਰੋਤ ਵਾਲੇ ਜ਼ਿਆਦਾਤਰ ਸਾਫ਼ਟਵੇਅਰ ਮੁਫ਼ਤ ਹੁੰਦੇ ਹਨ। ਅਜਿਹੇ ਸਾਫ਼ਟਵੇਅਰਾਂ ਨੂੰ ਸੋਧਣ ਤੇ ਵੰਡਣ ਦੀ ਪੂਰੀ ਖੁੱਲ੍ਹ ਹੁੰਦੀ ਹੈ। ਖੁੱਲ੍ਹੇ ਸਰੋਤ ਵਾਲੇ ਸਾਫ਼ਟਵੇਅਰਾਂ ਦੀਆਂ ਮੁੱਖ ਉਦਹਾਰਣਾਂ – ਐਂਡਰੌਇਡ, ਲੀਨਕਸ, ਗਿੰਪ, ਕ੍ਰਿਤਾ, ਡਰੂਪਲ, ਲਿਬਰ-ਆਫਿਸ, ਬਲੈਂਡਰ, ਪੈਂਸਿਲ 2-ਡੀ, ਆਦਿ ਹਨ।
ਫਾਈਦੇ
- ਜ਼ਿਆਦਾਤਰ ਮੁਫ਼ਤ ਹੁੰਦੇ ਹਨ।
- ਕੋਈ ਵੀ ਵਰਤੋਂਕਾਰ ਇਸ ਵਿੱਚ ਸੁਧਾਰ ਕਰਕੇ ਇਸਨੂੰ ਬਿਹਤਰ ਬਣਾ ਸਕਦਾ ਹੈ।
- ਵਿਦਿਆਰਥੀ ਵੀ ਇਸਦੇ ਸਰੋਤ ਕੋਡ ਰਾਹੀਂ ਪ੍ਰੋਗਰਾਮਿੰਗ ਬਿਹਤਰ ਢੰਗ ਨਾਲ ਸਿੱਖ ਸਕਦੇ ਹਨ।
- ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਇਸ ਵਿੱਚ ਸੁਧਾਰ ਆਉਂਦਾ ਰਹਿੰਦਾ ਹੈ।
ਨੁਕਸਾਨ
- ਕਈ ਸਾਫ਼ਟਵੇਅਰ ਆਮ ਹੀ ਹੈਂਗ ਹੋ ਜਾਂਦੇ ਹਨ।
- ਇਹਨਾਂ ਸਾਫ਼ਟਵੇਅਰਾਂ ‘ਤੇ ਕੰਮ ਕਰਨ ਵਾਲੇ ਕਈ ਵਾਰ ਕਿਸੇ ਨਵੇਂ ਪ੍ਰੋਜੈਕਟ ਦੇ ਚੱਲਣ ‘ਤੇ ਪੁਰਾਣੇ ਨੂੰ ਛੱਡ ਜਾਂਦੇ ਹਨ ਜਿਸ ਕਾਰਨ ਕਈ ਵਾਰ ਪ੍ਰੋਜੈਕਟ ਥੋੜ੍ਹਾ ਸਮਾਂ ਚੱਲ ਕੇ ਫਿਰ ਰੁਕ ਜਾਂਦਾ ਹੈ ਮਤਲਬ ਪ੍ਰੋਜੈਕਟ ਅਧੂਰੇ ਰਹਿ ਜਾਂਦੇ ਹਨ।
- ਬਹੁਤੀ ਵਾਰ ਵਰਤੋਂਕਾਰਾਂ ਨੂੰ ਕਿਸੇ ਵੀ ਸਮੱਸਿਆ ਸਬੰਧੀ ਕੋਈ ਮਦਦ ਨਹੀਂ ਮਿਲਦੀ। ਸਾਫ਼ਟਵੇਅਰ ਚੱਲਣ ਜਾਂ ਨਾ ਚੱਲਣ ਬਾਰੇ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ।
ਇਹ ਵੀ ਦੇਖੋ: ਪ੍ਰੋਗਰਾਮਿੰਗ ਭਾਸ਼ਾ ਬਾਰੇ ਜਾਣੋ
ਬੰਦ ਸਰੋਤ ਸਾਫ਼ਟਵੇਅਰ
ਬੰਦ ਸਰੋਤ ਸਾਫ਼ਟਵੇਅਰ ਉਹ ਹੁੰਦੇ ਹਨ ਜਿਨ੍ਹਾਂ ਦਾ ਸਰੋਤ ਕੋਡ ਸਿਰਫ਼ ਨਿਰਮਾਣਕਰਤਾ ਕੰਪਨੀ, ਵਿਅਕਤੀ ਜਾਂ ਕਿਸੇ ਵਿਅਕਤੀ-ਸਮੂਹ ਕੋਲ ਹੁੰਦਾ ਹੈ। ਇਸ ਤਰ੍ਹਾਂ ਦੇ ਸਾਫ਼ਟਵੇਅਰਾਂ ਨੂੰ ਸੋਧਣ ਅਤੇ ਵੰਡਣ ਦਾ ਹੱਕ ਸਿਰਫ਼ ਇਹਨਾਂ ਕੋਲ ਹੀ ਹੁੰਦਾ ਹੈ। ਕੋਈ ਬਾਹਰੀ ਬੰਦਾ ਕੰਪਨੀ ਦੀ ਇਜਾਜ਼ਤ ਤੋਂ ਬਿਨ੍ਹਾਂ ਇਨ੍ਹਾਂ ਸਾਫ਼ਟਵੇਅਰਾਂ ਨੂੰ ਸੋਧ ਅਤੇ ਵੰਡ ਨਹੀਂ ਸਕਦਾ। ਜੇਕਰ ਕੋਈ ਇਹਨਾਂ ਗੱਲਾਂ ਦਾ ਉਲੰਘਣ ਕਰਦਾ ਹੈ ਤਾਂ ਉਸ ਸਰੋਤ ਕੋਡ ਦਾ ਮਾਲਕ ਉਸ ਵਿਅਕਤੀ ਉੱਪਰ ਕੇਸ ਕਰ ਸਕਦਾ ਹੈ ਜਾਂ ਫਿਰ ਜੁਰਮਾਨਾ ਵੀ ਲਗਾ ਸਕਦਾ ਹੈ। ਇਸ ਤਰ੍ਹਾਂ ਦੇ ਸਾਫ਼ਟਵੇਅਰਾਂ ਦੀਆਂ ਉਦਹਾਰਣਾਂ – ਆਈਫ਼ੋਨ ਵਿੱਚ ਵਰਤਿਆ ਜਾ ਰਿਹਾ ਆਈ.ਓ.ਐਸ, ਮਾਈਕ੍ਰੋਸਾਫ਼ਟ ਵਿੰਡੋਜ਼, ਓ.ਐਸ.ਐਕਸ, ਅਡੋਬ ਫੋਟੋਸ਼ਾਪ, ਆਈ.ਟਿਊਨਜ਼, ਵਿੱਨ-ਆਰ.ਏ.ਆਰ, ਸਕਾਈਪ ਆਦਿ।
ਫਾਈਦੇ
- ਇਹਨਾਂ ਦੀ ਕਾਰਗੁਜ਼ਾਰੀ ਕਾਫ਼ੀ ਬਿਹਤਰ ਹੁੰਦੀ ਹੈ।
- ਇਹਨਾਂ ‘ਚ ਖਰਾਬੀ ਆਉਣ ‘ਤੇ ਕੰਪਨੀ ਇਸ ਸਬੰਧੀ ਜ਼ਿੰਮੇਵਾਰੀ ਲੈਂਦੀ ਹੈ ਅਤੇ ਲਸੰਸ ਮੁਤਾਬਿਕ ਇਸਨੂੰ ਠੀਕ ਵੀ ਕਰਦੀ ਹੈ।
- ਇਹ ਹੈਂਗ ਵੀ ਬਹੁਤ ਘੱਟ ਹੁੰਦੇ ਹਨ ਕਿਉਂਕਿ ਕੰਪਨੀ ਇਹਨਾਂ ਸਾਫ਼ਟਵੇਅਰਾਂ ਦੀ ਪੂਰੀ ਪਰਖ ਕਰਕੇ ਹੀ ਇਨ੍ਹਾਂ ਨੂੰ ਬਜ਼ਾਰ ਵਿੱਚ ਉਤਾਰਦੀ ਹੈ। ਜੇਕਰ ਫਿਰ ਵੀ ਕੋਈ ਖਾਮੀ ਰਹਿ ਜਾਵੇ ਤਾਂ ਕੰਪਨੀ ਵੱਲੋਂ ਵੱਖਰੇ ਪੈਚ (ਸੁਰੱਖਿਆ ਟਾਕੀਆਂ) ਵੀ ਉਪਲਬਧ ਕਰਵਾਏ ਜਾਂਦੇ ਹਨ।
ਨੁਕਸਾਨ
- ਵਰਤੋਂਕਾਰ ਇਸਦੇ ਸਰੋਤ ਕੋਡ ਤੋਂ ਅਣਜਾਣ ਹੁੰਦੇ ਹਨ। ਉਨ੍ਹਾਂ ਨੂੰ ਸਾਫ਼ਟਵੇਅਰ ਦੀ ਕਾਰਜ-ਪ੍ਰਣਾਲੀ ਬਾਰੇ ਵੀ ਪੂਰਾ ਨਹੀਂ ਦੱਸਿਆ ਜਾਂਦਾ।
- ਜ਼ਿਆਦਾਤਰ ਸਾਫ਼ਟਵੇਅਰ ਮੁੱਲ ਦੇ ਹੁੰਦੇ ਹਨ ਪਰ ਕਈ ਮੁਫ਼ਤ ਵੀ ਮਿਲ ਜਾਂਦੇ ਹਨ।
ਇਹ ਵੀ ਦੇਖੋ: ਪੈਂਤੀ – ਪੰਜਾਬੀ ਯੂਨੀਕੋਡ ਫੌਂਟ
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਦੋਵੇਂ ਕਿਸਮਾਂ ਦੇ ਆਪਣੇ-ਆਪਣੇ ਫਾਈਦੇ ਤੇ ਨੁਕਸਾਨ ਹਨ ਤੇ ਦੋਵੇਂ ਕਿਸਮ ਦੇ ਸਾਫ਼ਟਵੇਅਰਾਂ ਦੀ ਵਰਤੋਂ ਵਰਤੋਂਕਾਰ ਦੀਆਂ ਲੋੜ੍ਹਾਂ ਉੱਪਰ ਨਿਰਭਰ ਕਰਦੀ ਹੈ। ਜੇਕਰ ਕਿਸੇ ਨੇ ਸਿੱਖਣ ਲਈ ਸਾਫ਼ਟਵੇਅਰਾਂ ਦੀ ਵਰਤੋਂ ਕਰਨੀ ਹੈ ਤਾਂ ਉਹ ਖੁੱਲ੍ਹੇ ਸਰੋਤ ਵਾਲੇ ਪਹਿਲਾਂ ਵਰਤ ਕੇ ਦੇਖੇ ਅਤੇ ਜੋ ਕਿੱਤਾਕਾਰੀ ਹਨ ਉਹਨਾਂ ਲਈ ਬੰਦ ਸਰੋਤ ਵਾਲੇ ਬਿਹਤਰ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਆਪਣਾ ਕੰਮ ਤੇਜ਼ ਗਤੀ ਅਤੇ ਪੂਰੀ ਗੁਣਵੱਤਾ ਨਾਲ ਕਰਨਾ ਹੁੰਦਾ ਹੈ। ਬਾਕੀ ਇਸ ਸਬੰਧੀ ਹੋਰ ਜਾਣਨ ਜਾਂ ਵਿਚਾਰ-ਚਰਚਾ ਲਈ ਹੇਠਾਂ ਤੁਸੀਂ ਟਿੱਪਣੀ ਵੀ ਕਰ ਸਕਦੇ ਹੋ।