ਗਿਰਗਟ
ਪੁਲਿਸ ਦਾ ਦਾਰੋਗਾ ਓਚੁਮੇਲੋਵ ਨਵਾਂ ਓਵਰਕੋਟ ਪਾ ਕੇ , ਕੱਛ ਵਿੱਚ ਇੱਕ ਬੰਡਲ ਦਬਾਈ ਬਾਜ਼ਾਰ ਦੇ ਚੌਂਕ ਤੋਂ ਗੁਜਰ ਰਿਹਾ ਸੀ। ਉਸਦੇ ਪਿੱਛੇ – ਪਿੱਛੇ ਲਾਲ ਵਾਲਾਂ ਵਾਲਾ ਪੁਲਿਸ ਦਾ ਇੱਕ ਸਿਪਾਹੀ ਹੱਥ ਵਿੱਚ ਇੱਕ ਟੋਕਰੀ ਲਈ ਤੇਜ਼ ਤੇਜ਼ ਤੁਰਿਆ ਆ ਰਿਹਾ ਸੀ। ਟੋਕਰੀ ਜ਼ਬਤ ਕੀਤੀਆਂ ਗਈਆਂ ਅੰਗੂਰੀਆਂ ਨਾਲ ਉੱਤੇ ਤੱਕ ਭਰੀ ਹੋਈ ਸੀ। ਚਾਰੇ ਪਾਸੇ ਖ਼ਾਮੋਸ਼ੀ ਸੀ। . . . ਚੌਕ ਵਿੱਚ ਇੱਕ ਵੀ ਆਦਮੀ ਨਹੀਂ ਸੀ। . . . . ਭੁੱਖੇ ਲੋਕਾਂ ਦੀ ਤਰ੍ਹਾਂ ਦੁਕਾਨਾਂ ਅਤੇ ਸ਼ਰਾਬਖਾਨਿਆਂ ਦੇ ਖੁੱਲੇ ਦਰਵਾਜੇ ਰੱਬ ਦੀ ਸ੍ਰਿਸ਼ਟੀ ਨੂੰ ਉਦਾਸੀ ਭਰੀਆਂ ਨਿਗਾਹਾਂ ਨਾਲ ਵੇਖ ਰਹੇ ਸਨ , ਇੱਥੇ ਤੱਕ ਕਿ ਕੋਈ ਮੰਗਤਾ ਵੀ ਆਸ ਪਾਸ ਵਿਖਾਈ ਨਹੀਂ ਦਿੰਦਾ ਸੀ। “ਅੱਛਾ ! ਤਾਂ ਤੂੰ ਕੱਟੇਂਗਾ ? ਸ਼ੈਤਾਨ ਕਿਸੇ ਥਾਂ ਦਾ !” ਓਚੁਮੇਲੋਵ ਦੇ ਕੰਨਾਂ ਵਿੱਚ ਅਚਾਨਕ ਇਹ ਅਵਾਜ ਆਈ “ ਫੜ ਲਓ , ਮੁੰਡਿਓ ! ਜਾ ਨਾ ਸਕੇ ! ਹੁਣ ਤਾਂ ਕੱਟਣਾ ਵਰਜਿਤ ਕਰ ਦਿੱਤਾ ਗਿਆ ਹੈ ! ਫੜ ਲਓ !ਆ . . . ਆਹ!”
ਕੁੱਤੇ ਦੀ ਪੈਂ – ਪੈਂ ਦੀ ਅਵਾਜ਼ ਸੁਣਾਈ ਦਿੱਤੀ। ਓਚੁਮੇਲੋਵ ਨੇ ਮੁੜ ਕੇ ਵੇਖਿਆ ਕਿ ਵਪਾਰੀ ਪਿਚੂਗਿਨ ਦੀ ਲੱਕੜੀ ਦੀ ਟਾਲ ਵਿੱਚੋਂ ਇੱਕ ਕੁੱਤਾ ਤਿੰਨ ਟੰਗਾਂ ਨਾਲ ਭੱਜਿਆ ਆ ਰਿਹਾ ਸੀ। ਕਲਫਦਾਰ ਛਪੀ ਹੋਈ ਕਮੀਜ ਪਹਿਨੀ , ਵਾਸਕਟ ਦੇ ਬਟਨ ਖੋਲ੍ਹੇ ਇੱਕ ਆਦਮੀ ਉਸਦਾ ਪਿੱਛਾ ਕਰ ਰਿਹਾ ਸੀ। ਉਹ ਕੁੱਤੇ ਦੇ ਪਿੱਛੇ ਝੱਪਟਿਆ ਅਤੇ ਉਸਨੂੰ ਫੜਨ ਦੀ ਕੋਸ਼ਿਸ਼ ਵਿੱਚ ਡਿੱਗਦੇ – ਡਿੱਗਦੇ ਵੀ ਕੁੱਤੇ ਦੀ ਪਿੱਛਲੀ ਟੰਗ ਫੜ ਲਈ। ਕੁੱਤੇ ਦੀ ਪੈਂ – ਪੈਂ ਅਤੇ ਉਹੀ ਚੀਖ , “ਜਾ ਨਾ ਸਕੇ !” ਦੁਬਾਰਾ ਸੁਣਾਈ ਦਿੱਤੀ। ਊਂਘਦੇ ਹੋਏ ਲੋਕ ਦੁਕਾਨਾਂ ਤੋਂ ਬਾਹਰ ਗਰਦਨਾਂ ਕੱਢਕੇ ਦੇਖਣ ਲੱਗੇ , ਅਤੇ ਵੇਖਦੇ – ਵੇਖਦੇ ਇੱਕ ਭੀੜ ਟਾਲ ਦੇ ਕੋਲ ਜਮ੍ਹਾਂ ਹੋ ਗਈ , ਜਿਵੇਂ ਜ਼ਮੀਨ ਪਾੜ ਕੇ ਨਿਕਲ ਆਈ ਹੋਵੇ।
“ਹਜ਼ੂਰ ! ਲੱਗਦਾ ਹੈ ਕਿ ਕੋਈ ਦੰਗਾ- ਫਸਾਦ ਹੋ ਰਿਹਾ ਹੈ !” ਸਿਪਾਹੀ ਬੋਲਿਆ।
ਓਚੁਮੇਲੋਵ ਖੱਬੇ ਵੱਲ ਮੁੜਿਆ ਅਤੇ ਭੀੜ ਦੀ ਤਰਫ਼ ਚੱਲ ਪਿਆ। ਉਸਨੇ ਵੇਖਿਆ ਕਿ ਟਾਲ ਦੇ ਫਾਟਕ ਉੱਤੇ ਉਹੀ ਆਦਮੀ ਖੜਾ ਹੈ। ਉਸਦੀ ਵਾਸਕਟ ਦੇ ਬਟਨ ਖੁੱਲੇ ਹੋਏ ਸਨ। ਉਹ ਆਪਣਾ ਸੱਜਾ ਹੱਥ ਉੱਤੇ ਚੁੱਕੀ' , ਭੀੜ ਨੂੰ ਆਪਣੀ ਲਹੂ ਲੁਹਾਨ ਉਂਗਲ ਵਿਖਾ ਰਿਹਾ ਸੀ। ਲੱਗਦਾ ਸੀ ਕਿ ਉਸਦੇ ਨਸ਼ੀਲੇ ਚਿਹਰੇ ਉੱਤੇ ਸਾਫ਼ ਲਿਖਿਆ ਹੋਵੇ “ਓਏ ਬਦਮਾਸ਼- ਹੁਣ ਮੈਂ ਤੈਨੂੰ ਮਜ਼ਾ ਚਖਾਊਂਗਾ!” ਅਤੇ ਉਸਦੀ ਉਂਗਲ ਜਿੱਤ ਦਾ ਝੰਡਾ ਹੋਵੇ। ਓਚੁਮੇਲੋਵ ਨੇ ਇਸ ਵਿਅਕਤੀ ਨੂੰ ਪਹਿਚਾਣ ਲਿਆ। ਉਹ ਸੁਨਿਆਰ ਖ਼ੂਕਿਨ ਸੀ। ਭੀੜ ਦੇ ਵਿਚਾਲੇ ਅਗਲੀ ਟੰਗ ਫੈਲਾਈ ਅਪਰਾਧੀ , ਚਿੱਟਾ ਕਤੂਰਾ , ਲੁੱਕਿਆ ਪਿਆ ਸੀ ,ਅਤੇ ਉੱਪਰ ਤੋਂ ਹੇਠਾਂ ਤੱਕ ਕੰਬ ਰਿਹਾ ਸੀ। ਉਸਦਾ ਮੁੰਹ ਨੁਕੀਲਾ ਸੀ ਅਤੇ ਪਿੱਠ ਉੱਤੇ ਪੀਲਾ ਦਾਗ਼ ਸੀ। ਉਸਦੀਆਂ ਹੰਝੂਆਂ ਭਰੀਆਂ ਅੱਖਾਂ ਵਿੱਚ ਮੁਸੀਬਤ ਅਤੇ ਡਰ ਦੀ ਛਾਪ ਸੀ।
“ਇਹ ਕੀ ਹੰਗਾਮਾ ਮਚਾ ਰੱਖਿਆ ਹੈ ਇੱਥੇ ?” ਓਚੁਮਲੋਵ ਨੇ ਮੋਢਿਆਂ ਨਾਲ ਭੀੜ ਨੂੰ ਚੀਰਦੇ ਹੋਏ ਸਵਾਲ ਕੀਤਾ। “ਇਹ ਉਂਗਲ ਕਿਉਂ ਉੱਤੇ ਚੁੱਕੀ ਹੈ? ਕੌਣ ਚੀਖ ਰਿਹਾ ਸੀ ?”
“ਹਜੂਰ ! ਮੈਂ ਚੁਪਚਾਪ ਆਪਣੇ ਰਸਤੇ ਜਾ ਰਿਹਾ ਸੀ , ਬਿਲਕੁੱਲ ਗਾਂ ਦੀ ਤਰ੍ਹਾਂ,” ਖੂਕਿਨ ਨੇ ਆਪਣੇ ਮੁੰਹ ਉੱਤੇ ਹੱਥ ਰੱਖਕੇ , ਖੰਘਦੇ ਹੋਏ ਕਹਿਣਾ ਸ਼ੁਰੂ ਕੀਤਾ , “ਮਿਤਰੀ ਮਿਤਰਿਚ ਨਾਲ ਮੈਂ ਲੱਕੜੀ ਬਾਰੇ ਕੁੱਝ ਗੱਲ ਕਰ ਰਿਹਾ ਸੀ ਜਦੋਂ ਇਸ ਬਦਮਾਸ਼ ਣੇ ਬਿਨਾ ਕਿਸੇ ਗੱਲੋਂ ਮੇਰੀ ਉਂਗਲ ਕੱਟ ਲਈ। ਹਜੂਰ ਮਾਫ ਕਰੋ , ਤੇ ਨਾਲੇ ਮੈਂ ਠਹਰਿਆ ਕੰਮਕਾਜੀ ਆਦਮੀ , . . . ਅਤੇ ਫਿਰ ਸਾਡਾ ਕੰਮ ਵੀ ਬਹੁਤ ਪੇਚੀਦਾ ਹੈ। ਇੱਕ ਹਫਤੇ ਤੱਕ ਸ਼ਾਇਦ ਮੇਰੀ ਉਂਗੁਲੀ ਕੰਮ ਦੇ ਲਾਇਕ ਨਹੀਂ ਹੋ ਪਾਵੇਗੀ। ਇਸ ਲਈ ਮੈਨੂੰ ਹਰਜਾਨਾ ਜਰੂਰ ਮਿਲਣਾ ਚਾਹੀਦਾ ਹੈ। ਅਤੇ ਹਜੂਰ , ਕਨੂੰਨ ਵਿੱਚ ਵੀ ਕਿਤੇ ਨਹੀਂ ਲਿਖਿਆ ਹੈ ਕਿ ਅਸੀ ਜਾਨਵਰਾਂ ਨੂੰ ਚੁਪਚਾਪ ਬਰਦਾਸ਼ਤ ਕਰਦੇ ਰਹੀਏ। . . ਜੇਕਰ ਸਾਰੇ ਇੰਜ ਹੀ ਕੱਟੇ ਜਾਣ ਲੱਗ ਪਏ, ਫੇਰ ਤਾਂ ਜੀਣਾ ਮੁਸ਼ਕਲ ਹੋ ਜਾਵੇਗਾ।”
“ ਹੁੰਹ . . ਅੱਛਾ . .” ਓਚੁਮੇਲਾਵ ਨੇ ਗਲਾ ਸਾਫ਼ ਕਰਕੇ , ਤਿਓੜੀਆਂ ਚੜਾਉਂਦੇ ਹੋਏ ਕਿਹਾ , “ਠੀਕ ਹੈ। . . . ਅੱਛਾ , ਇਹ ਕੁੱਤਾ ਹੈ ਕਿਸਦਾ ? ਮੈਂ ਇਸ ਮਾਮਲੇ ਨੂੰ ਇੱਥੇ ਹੀ ਨਹੀਂ ਛਡੂੰਗਾ ! ਕੁੱਤਿਆਂ ਨੂੰ ਖੁੱਲ੍ਹਾ ਛੱਡਣ ਲਈ ਮੈਂ ਇਹਨਾ ਲੋਕਾਂ ਨੂੰ ਮਜਾ ਚਖਾਊਂਗਾਂ! ਜੋ ਲੋਕ ਕਨੂੰਨ ਦੇ ਅਨੁਸਾਰ ਨਹੀਂ ਚਲਦੇ , ਉਨ੍ਹਾਂ ਦੇ ਨਾਲ ਹੁਣ ਸੱਖਤੀ ਨਾਲ ਪੇਸ਼ ਆਉਣਾ ਪਵੇਗਾ ! ਅਜਿਹਾ ਜੁਰਮਾਨਾ ਠੋਕੂੰਗਾ ਕਿ ਛਟੀ ਦਾ ਦੁੱਧ ਯਾਦ ਆ ਜਾਵੇਗਾ। ਬਦਮਾਸ਼ ਕਿਤੇ ਦੇ ! ਮੈਂ ਚੰਗੀ ਤਰ੍ਹਾਂ ਸਿਖਾ ਦੇਵਾਂਗਾ ਕਿ ਕੁੱਤਿਆਂ ਅਤੇ ਹਰ ਤਰ੍ਹਾਂ ਦੇ ਡੰਗਰ ਪਸ਼ੂਆਂ ਨੂੰ ਖੁੱਲਾ ਛੱਡਣ ਦਾ ਕੀ ਮਤਲਬ ਹੁੰਦਾ ਹੈ ! ਮੈਂ ਓਹਦੀ ਅਕਲ ਦੁਰੁਸਤ ਕਰ ਦੇਵਾਂਗਾ , ਯੇਲਦੀਰਿਨ !”
ਸਿਪਾਹੀ ਨੂੰ ਸੰਬੋਧਿਤ ਕਰਦਿਆਂ ਦਰੋਗਾ ਚੀਖਿਆ , “ਪਤਾ ਲਗਾਓ ਕਿ ਇਹ ਕੁੱਤਾ ਹੈ ਕਿਸਦਾ , ਅਤੇ ਰਿਪੋਰਟ ਤਿਆਰ ਕਰੋ ! ਕੁੱਤੇ ਨੂੰ ਝੱਟਪੱਟ ਮਰਵਾ ਦੋ ! ਇਹ ਸ਼ਾਇਦ ਹਲਕਿਆ ਹੋਵੇ। . . . . . ਮੈਂ ਪੁੱਛਦਾ ਹਾਂ , ਇਹ ਕੁੱਤਾ ਹੈ ਕਿਸਦਾ ?”
“ਸ਼ਾਇਦ ਜਨਰਲ ਜਿਗਾਲੋਵ ਦਾ ਹੈ !” ਭੀੜ ਵਿੱਚੋਂ ਕਿਸੇ ਨੇ ਕਿਹਾ।
“ਜਨਰਲ ਜਿਗਾਲੋਵ ਦਾ ? ਹੁੰਹ . . . ਯੇਲਦੀਰਿਨ , ਜਰਾ ਮੇਰਾ ਕੋਟ ਤਾਂ ਉਤਾਰਨਾ। ਓਫ ,ਬਹੁਤ ਗਰਮੀ ਹੈ। . . . ਲੱਗਦਾ ਹੈ ਕਿ ਮੀਂਹ ਪਵੇਗਾ। ਅੱਛਾ ! ਇੱਕ ਗੱਲ ਮੇਰੀ ਸੱਮਝ ਵਿੱਚ ਨਹੀ ਆਉਂਦੀ ਕਿ ਇਹਨੇ ਤੈਨੂੰ ਕੱਟਿਆ ਕਿਵੇਂ ?” ਓਚੁਮੇਲੋਵ ਖੂਕਿਨ ਦੇ ਵੱਲ ਮੁੜਿਆ , “ਇਹ ਤੇਰੀ ਉਗਲੀ ਤੱਕ ਪਹੁੰਚਿਆ ਕਿਵੇਂ ? ਇਹ ਠਹਰਿਆ ਛੋਟਾ ਜਿਹਾ ਅਤੇ ਤੂੰ ਹੈ ਪੂਰਾ ਲੰਬਾ – ਉੱਚਾ। ਕਿਸੇ ਕਿੱਲ – ਕੁੱਲ ਨਾਲ ਉਂਗਲ ਛਿੱਲ ਲਈ ਹੋਣੀ ਤੇ ਸੋਚਿਆ ਹੋਣਾ ਕਿ ਕੁੱਤੇ ਦੇ ਸਿਰ ਮੜ੍ਹਕੇ ਹਰਜਾਨਾ ਵਸੂਲ ਕਰ ਲਓ। ਮੈਂ ਖੂਬ ਸਸਮਝਦਾ ਹਾਂ ! ਤੁਹਾਡੇ ਜਿਹੇ ਬਦਮਾਸ਼ਾਂ ਦੀ ਤਾਂ ਮੈਂ ਨਸ – ਨਸ ਸਿਆਣਦਾ ਹਾਂ !”
“ਇਸਨੇ ਉਸਦੇ ਮੂੰਹ ਉੱਤੇ ਬੱਲਦੀ ਸਿਗਰਟ ਲਾ ਦਿੱਤੀ ਸੀ , ਹੁਜੂਰ !…. ਇਵੇਂ ਹੀ ਮਜਾਕ ਵਿੱਚ ਅਤੇ ਇਹ ਕੁੱਤਾ ਮੂਰਖ ਤਾਂ ਹੈ ਨਹੀਂ , ਕਿ ਉਹਨੇ ਕੱਟ ਲਿਆ। ਇਹ ਸ਼ਖਸ ਬਹੁਤ ਸ਼ੈਤਾਨ ਹੈ , ਹਜੂਰ !” “ਤੂੰ ! ਝੂਠ ਕਿਉਂ ਬੋਲਦਾਂ ਹੈਂ ਟੀਰੇ ? ਜਦੋਂ ਤੂੰ ਵੇਖਿਆ ਨਹੀਂ , ਤਾਂ ਗੱਪ ਕਿਉਂ ਮਾਰਦਾ ਹੈ ? ਅਤੇ ਸਰਕਾਰ ਤਾਂ ਖੁਦ ਸਮਝਦਾਰ ਹੈ। ਤੁਸੀਂ ਜਾਣਦੇ ਹੋ ਕਿ ਕੌਣ ਝੂਠਾ ਹੈ ਅਤੇ ਕੌਣ ਸੱਚਾ। ਜੇਕਰ ਮੈਂ ਝੂਠ ਬੋਲਦਾ ਹਾਂ ਤਾਂ ਕਚਿਹਰੀ ਆਪ ਫੈਸਲਾ ਕਰੇਗੀ ,ਹਾਂ ਮੇਰਾ ਭਰਾ ਵੀ ਪੁਲਿਸ ਵਿੱਚ ਹੈ। . . ਦੱਸ ਦਿੰਦਾ ਹਾਂ . . . . . . .”
“ਬੰਦ ਕਰੋ ਇਹ ਬਕਵਾਸ !”
“ਨਹੀਂ , ਇਹ ਜਨਰਲ ਸਾਹਿਬ ਦਾ ਕੁੱਤਾ ਨਹੀਂ ਹੈ ,” ਸਿਪਾਹੀ ਨੇ ਗੰਭੀਰਤਾ ਨਾਲ ਕਿਹਾ , “ਉਨ੍ਹਾਂ ਦੇ ਕੋਲ ਅਜਿਹਾ ਕੋਈ ਕੁੱਤਾ ਹੈ ਹੀ ਨਹੀਂ , ਉਨ੍ਹਾਂ ਦੇ ਤਾਂ ਸਾਰੇ ਕੁੱਤੇ ਸ਼ਿਕਾਰੀ ਹਨ।”
“ਤੈਨੂੰ ਠੀਕ ਪਤਾ ਹੈ ?”
“ਜੀ ਸਰਕਾਰ।”
ਮੈਂ ਵੀ ਜਾਣਦਾ ਹਾਂ। ਜਨਰਲ ਸਾਹਿਬ ਦੇ ਸਭ ਕੁੱਤੇ ਚੰਗੀ ਨਸਲ ਦੇ ਹਨ , ਇੱਕ – ਤੋਂ – ਇੱਕ ਕੀਮਤੀ ਕੁੱਤਾ ਹੈ ਉਨ੍ਹਾਂ ਦੇ ਕੋਲ। ਅਤੇ ਇਹ ਤਾਂ ਬਿਲਕੁੱਲ ਉਹੋ ਜਿਹਾ ਨਹੀ ਹੈ , ਵੇਖੋ ! ਬਿਲਕੁੱਲ ਮਰੀਅਲ ਜਿਹਾ ਹੈ। ਕੌਣ ਰੱਖੇਗਾ ਅਜਿਹਾ ਕੁੱਤਾ ? ਤੁਸੀਂ ਲੋਕਾਂ ਦਾ ਦਿਮਾਗ ਤਾਂ ਖ਼ਰਾਬ ਨਹੀਂ ਹੋਇਆ ? ਜੇਕਰ ਅਜਿਹਾ ਕੁੱਤਾ ਮਾਸਕੋ ਜਾਂ ਪੀਟਰਸਬਰਗ ਵਿੱਚ ਵਿਖਾਈ ਦੇਵੇ ਤਾਂ ਜਾਣਦੇ ਹੋ ਕੀ ਹੋਵੇ ? ਕਨੂੰਨ ਦੀ ਪਰਵਾਹ ਕੀਤੇ ਬਿਨਾਂ , ਇੱਕ ਮਿੰਟ ਵਿੱਚ ਉਸਤੋਂ ਛੁੱਟੀ ਪਾ ਲਈ ਜਾਵੇ ! ਖੂਕਿਨ ! ਤੇਰੇ ਜਖਮ ਹੋਇਆ ਹੈ। ਤੂੰ ਇਸ ਮਾਮਲੇ ਨੂੰ ਇੰਜ ਹੀ ਨਾ ਟਾਲ। . . . ਇਹਨਾਂ ਲੋਕਾਂ ਨੂੰ ਮਜਾ ਚਖਾਉਣਾ ਚਾਹੀਦਾ ਹੈ ! ਇਉਂ ਕੰਮ ਨਹੀਂ ਚੱਲੇਗਾ।”
“ਲੇਕਿਨ ਸੰਭਵ ਹੈ , ਇਹ ਜਨਰਲ ਸਾਹਿਬ ਦਾ ਹੀ ਹੋਵੇ ” , ਸਿਪਾਹੀ ਬੜਬੜਾਇਆ ,”ਇਸਦੇ ਮੱਥੇ ਉੱਤੇ ਤਾਂ ਲਿਖਿਆ ਨਹੀਂ ਹੈ। ਜਨਰਲ ਸਾਹਿਬ ਦੇ ਅਹਾਤੇ ਵਿੱਚ ਮੈਂ ਕੱਲ ਬਿਲਕੁੱਲ ਅਜਿਹਾ ਹੀ ਕੁੱਤਾ ਵੇਖਿਆ ਸੀ।”
“ਹਾਂ – ਹਾਂ , ਜਨਰਲ ਸਾਹਿਬ ਦਾ ਹੀ ਹੈ !” ਭੀੜ ਵਿੱਚੋਂ ਕਿਸੇ ਦੀ ਅਵਾਜ ਆਈ।
“ਹੂੰਹ। . . . ਯੇਲਦੀਰਿਨ , ਜਰਾ ਮੈਨੂੰ ਕੋਟ ਤਾਂ ਪਵਾਈਂ। ਹੁਣੇ ਹਵਾ ਦਾ ਇੱਕ ਝੋਂਕਾ ਆਇਆ ਸੀ , ਮੈਨੂੰ ਸਰਦੀ ਲੱਗ ਰਹੀ ਹੈ। ਕੁੱਤੇ ਨੂੰ ਜਨਰਲ ਸਾਹਿਬ ਕੋਲ ਲੈ ਜਾਓ ਅਤੇ ਉੱਥੇ ਪਤਾ ਕਰੋ। ਕਹਿ ਦੇਣਾ ਕਿ ਮੈਂ ਇਸ ਨੂੰ ਸੜਕ ਉੱਤੇ ਵੇਖਿਆ ਸੀ ਅਤੇ ਵਾਪਸ ਭਿਜਵਾਇਆ ਹੈ। ਅਤੇ ਹਾਂ , ਵੇਖੋ , ਇਹ ਕਹਿ ਦੇਣਾ ਕਿ ਇਸਨੂੰ ਸੜਕ ਉੱਤੇ ਨਾ ਨਿਕਲਣ ਦਿਆ ਕਰੋ। ਪਤਾ ਨਹੀਂ , ਕਿੰਨਾ ਕੀਮਤੀ ਕੁੱਤਾ ਹੈ ਅਤੇ ਜੇਕਰ ਹਰ ਬਦਮਾਸ਼ ਇਸਦੇ ਮੁੰਹ ਵਿੱਚ ਸਿਗਰਟ ਘੁਸੇੜਦਾ ਰਿਹਾ ਤਾਂ ਕੁੱਤਾ ਬਹੁਤ ਜਲਦੀ ਤਬਾਹ ਹੋ ਜਾਵੇਗਾ। ਕੁੱਤਾ ਬਹੁਤ ਨਾਜੁਕ ਜਾਨਵਰ ਹੁੰਦਾ ਹੈ। ਅਤੇ ਤੂੰ ਹੱਥ ਨੀਵਾਂ ਕਰ , ਗਧਾ ਕਿਸੇ ਥਾਂ ਦਾ ! ਆਪਣੀ ਗੰਦੀ ਉਂਗਲ ਕਿਉਂ ਵਿਖਾ ਰਿਹਾ ਹੈ ? ਸਾਰਾ ਕੁਸੂਰ ਤੇਰਾ ਹੀ ਹੈ।”
“ਇਹ ਜਨਰਲ ਸਾਹਿਬ ਦਾ ਬਾਵਰਚੀ ਆ ਰਿਹਾ ਹੈ , ਉਸਤੋਂ ਪੂਛ ਲਿਆ ਜਾਵੇ। . . . ਐ ਪ੍ਰੋਖੋਰ ! ਜਰਾ ਏਧਰ ਆਵੀਂ , ਭਰਾ ! ਇਸ ਕੁੱਤੇ ਨੂੰ ਵੇਖੀਂ , ਤੁਹਾਡਾ ਤਾਂ ਨਹੀਂ ?”
“ਨਹੀਂ ! ਸਾਡੇ ਇੱਥੇ ਕਦੇ ਵੀ ਅਜਿਹਾ ਕੁੱਤਾ ਨਹੀਂ ਸੀ !”
“ਇਸ ਵਿੱਚ ਪੁੱਛਣ ਦੀ ਕੀ ਗੱਲ ਸੀ ? ਬੇਕਾਰ ਵਕਤ ਖ਼ਰਾਬ ਕਰਨਾ ਹੈ ,” ਓਚੁਮੇਲੋਵ ਨੇ ਕਿਹਾ ,ਇਹ ਅਵਾਰਾ ਕੁੱਤਾ ਹੀ ਹੈ . ਇੱਥੇ ਖੜੇ – ਖੜੇ ਇਸਦੇ ਬਾਰੇ ਗੱਲ ਕਰਨਾ ਸਮਾਂ ਬਰਬਾਦ ਕਰਨਾ ਹੈ। ਕਿਹਾ ਹੈ ਕਿ ਅਵਾਰਾ ਹੈ ਤਾਂ ਅਵਾਰਾ ਹੀ ਸਮਝੋ। ਖਤਮ ਕਰੋ ਅਤੇ ਛੁੱਟੀ ਪਾਓ ?”
“ਸਾਡਾ ਤਾਂ ਨਹੀਂ ਹੈ” , ਪ੍ਰੋਖੋਰ ਨੇ ਫਿਰ ਅੱਗੇ ਕਿਹਾ , “ਇਹ ਜਨਰਲ ਸਾਹਿਬ ਦੇ ਭਰਾ ਦਾ ਕੁੱਤਾ ਹੈ। ਸਾਡੇ ਜਨਰਲ ਸਾਹਿਬ ਨੂੰ ਕੁੱਤਿਆਂ ਦੀ ਇਸ ਨਸਲ ਵਿੱਚ ਕੋਈ ਦਿਲਚਸਪੀ ਨਹੀਂ ਹੈ ,ਉਨ੍ਹਾਂ ਦੇ ਭਰਾ ਨੂੰ ਇਹ ਨਸਲ ਪਸੰਦ ਹੈ।”
“ਕੀ ? ਜਨਰਲ ਸਾਹਿਬ ਦੇ ਭਰਾ ਆਏ ਹਨ ? ਵਲਾਦੀਮੀਰ ਇਵਾਨਿਚ ?” ਹੈਰਾਨੀ ਨਾਲ ਓਚੁਮੇਲੋਵ ਬੋਲ ਉੱਠਿਆ , ਉਸਦਾ ਚਿਹਰਾ ਚਮਕ ਉੱਠਿਆ। “ਜ਼ਰਾ ਸੋਚੋ ਤਾਂ ! ਮੈਨੂੰ ਪਤਾ ਵੀ ਨਹੀਂ ! ਹੁਣ ਠਹਿਰਨਗੇ ਕੀ ?”
“ਹਾਂ।”
“ਵਾਹ ਜੀ ਵਾਹ ! ਉਹ ਆਪਣੇ ਭਰਾ ਨੂੰ ਮਿਲਣ ਆਏ ਅਤੇ ਮੈਨੂੰ ਪਤਾ ਵੀ ਨਹੀਂ ਕਿ ਉਹ ਆਏ ਨੇ ! ਤਾਂ ਇਹ ਉਨ੍ਹਾਂ ਦਾ ਕੁੱਤਾ ਹੈ ? ਬਹੁਤ ਖੁਸ਼ੀ ਦੀ ਗੱਲ ਹੈ। ਇਸਨੂੰ ਲੈ ਜਾਓ। ਕਿੰਨਾਂ ਪਿਆਰਾ ਜਿਹਾ,,,, ਨੰਨਾ-ਮੁੰਨਾ – ਜਿਹਾ ਕੁੱਤਾ ਹੈ। ਇਸਦੀ ਉਂਗਲ ਉੱਤੇ ਝਪਟਿਆ ਸੀ ! ਬਸ – ਬਸ , ਹੁਣ ਕੰਬ ਨਾ। ਗੁੱਰ . . . ਗੁੱਰ . . . ਸ਼ੈਤਾਨ ਗ਼ੁੱਸੇ ਵਿੱਚ ਹੈ . .” “ਕਿੰਨਾ ਵਧੀਆ ਕਤੂਰਾ ਹੈ !”
ਪ੍ਰੋਖੋਰ ਨੇ ਕੁੱਤੇ ਨੂੰ ਬੁਲਾਇਆ ਅਤੇ ਉਸਨੂੰ ਆਪਣੇ ਨਾਲ ਲੈ ਕੇ ਟਾਲ ਤੋਂ ਚਲਾ ਗਿਆ। ਭੀੜ ਖੂਕਿਨ ਉੱਤੇ ਹਸਣ ਲੱਗੀ।
“ਮੈਂ ਤੈਨੂੰ ਹੁਣੇ ਠੀਕ ਕਰ ਦੇਵਾਂਗਾ।” ਓਚੁਮੇਲੋਵ ਨੇ ਉਸਨੂੰ ਧਮਕਾਇਆ ਅਤੇ ਆਪਣਾ ਕੋਟ ਲਪੇਟਦਾ ਹੋਇਆ ਬਾਜ਼ਾਰ ਦੇ ਚੌਕ ਦੇ ਵਿੱਚ ਆਪਣੇ ਰਸਤੇ ਚਲਾ ਗਿਆ।